ਵੀਹ ਵਾਰ ਤੇਰਾ ਪੈਂਚਰ ਲੱਗਿਆ ਤੇ ਵੀਹ ਵਾਰ ਉੱਖੜਿਆ। ਬੁਰੀ ਤਰ੍ਹਾ ਉਜੜੂਗੀ ਜਗੀਰੋ ਅਤੇ ਭੋਲਾ ਤਾਂ। ਕੁਝ ਨੀ ਸੋਚਿਆ ਗੰਦੀ ਉਲਾਦ ਨੇ। ਆਹ ਦਿਨ ਵੇਖਣੇ ਪੈਣੇ ਸੀ ਵਿਚਾਰੀ ਨੂੰ। ''ਗੱਲਾਂ ਕਰਦੇ ਮੱਘਰ ਦਾ ਗੱਚ ਭਰ ਆਇਆ।
''ਟੂਪ ਫਟਜੂ,ਪੈਂਚਰ ਨੀ ਲਹਿਣਾ। ਪੱਕਾ ਪੈਂਚਰ ਆ ਇਸ ਵਾਰ ਤਾਂ।'' ਸੱਜਣ ਨੇ ਖੱਬੀ ਹਥੇਲੀ ਉਤੇ ਅੰਗੂਠਾ ਦਬਦੇ ਕਿਹਾ ਜਿਵੇ ਟਿਊਬ ਤੇ ਲੱਗੇ ਪੈਂਚਰ ਤੇ ਦਬਾ ਪਾ ਰਿਹਾ ਹੋਵੇ।
''ਇਨ੍ਹਾਂ ਬਾਬਿਆਂ ਦੀਆਂ ਰਮਜ਼ਾਂ ਬਾਬੇ ਈ ਸਮਝਣ। ਸੁੱਟੀ ਚੱਲੋ, ਪੱਤੇ।'' ਪਿੰਡ ਦੀ ਸੱਥ ਵਿਚਲੇ ਵੱਡੇ ਬਰੋਟੇ ਥੱਲੇ ਤਾਸ਼ ਖੇਡਦੇ ਮੁੰਡੇ ਬੋਲੇ।
ਜਗੀਰ ਕੌਰ ਕਦੋਂ ਕੋਲ ਦੀ ਲੰਘ ਗਈ, ਕਿਸੇ ਨੂੰ ਪਤਾ ਈ ਨਾ ਲੱਗਿਆ। ''ਕੁੱਤੀ, ਬਦਮਾਸ਼, ਬੈਲਣ ਤੀਮੀ। ਉਧਲ ਕੇ ਆਈ, ਡੈਣ'' ਉਸਨੂੰ ਲੱਗਿਆ ਜਿਵੇਂ ਉਹ ਉਸਨੂੰ ਸੁਣਾ ਕੇ ਕਹਿ ਰਹੇ ਹੋਣ।
ਸ਼ਰਾਬੀਆਂ ਵਾਂਗ ਉਸਦੇ ਪੈਰ ਲੜਖੜਾਏ। ਘਰ ਜਾਣ ਸਾਰ ਹੀ ਉਹ ਵਰਾਂਡੇ ਵਿੱਚ ਪਈ ਮੰਜੀ ਤੇ ਢੇਰੀ ਹੋ ਗਈ। ਉਸਦੀਆਂ ਅੱਖਾਂ ਅੱਗੇ ਹਨੇਰਾ ਪਸਰ ਗਿਆ।
ਕਿੱਲੇ ਨਾਲ ਘੋੜੀ ਬੰਨਦਾ ਸੁੱਚਾ ਉਸਦੀਆਂ ਅੱਖਾਂ ਸਾਹਮਣੇ ਸਾਮਰਤੱਖ ਖੜ੍ਹਾ ਸੀ। ਹੂਬਹੂ ਉਹੀ ਮੁਹਾਂਦਰਾ-ਭਰਵਾਂ ਸਰੀਰ, ਲੰਬਾ-ਲੰਞਾਂ ਜੁਆਨ, ਸਿਰ ਤੇ ਬੰਨਿਆ ਕਲਕੱਤੇ ਸ਼ਾਹੀ ਚੀਰਾ, ਕਰੀਮ ਰੰਗੇ ਕੁਰਤੇ ਉੱਪਰ ਪਾਈ ਕਾਲੀ ਬਾਸਕਟ, ਪੀਲਾ ਚਾਦਰਾ। ਪੈਰੀਂ ਤਿੱਲੇਦਾਰ ਦੁਖੱਲੀ ਨੋਕਦਾਰ ਜੁੱਤੀ।
ਸੁੱਚਾ ਜੱਗਰ ਸਿੰਘ ਕੋਲ ਨੰਦਗੜ੍ਹ ਆਮ ਹੀ ਆਉਂਦਾ ਸੀ, ਇੱਕ ਦੋ ਮਹੀਨੇ ਬਾਅਦ। ਉਹ ਕਈ ਕਈ ਦਿਨ ਰਹਿ ਜਾਂਦਾ। ਕਿਤੇ ਕੋਈ ਘੋੜੀ ਮੁੱਲ ਲੈ ਜਾਂਦਾ। ਕਿਤੇ ਕਿਸੇ ਰਿਸ਼ਤੇਦਾਰੀ ਵਿੱਚ ਮਿਲਣ ਗਿਆ, ਵਿੰਗ-ਵਲ ਪਾਕੇ ਇੱਥੇ ਆ ਠਹਿਰਦਾ। ਜੱਗਰ ਵੀ ਉਸ ਵਾਂਗ ਹੀ ਉਸ ਕੋਲ ਗਿਆ ਕਿੰਨੇ ਈ ਦਿਨ ਨਾ ਮੁੜਦਾ। ਜੇ ਮਹੀਨੇ ਵਿੱਚ ਦੋਵੇਂ ਇੱਕ ਵਾਰ ਨਾ ਮਿਲਦੇ ਉਨ੍ਹਾਂ ਨੂੰ ਲਗਦਾ ਜਿਵੇਂ ਵਰ੍ਹੇ ਈ ਬੀਤ ਗਏ ਹੋਣ ਮਿਲਿਆ ਨੂੰ। ਦੋਵੇ ਪੱਗ-ਵੱਟ ਯਾਰ। ਲੱਠ-ਮਾਰ। ਸੱਤੀ-ਵੀਹੀਂ ਸੌ ਗਿਣਨ ਵਾਲੇ। ਇੱਕ ਦੂਜੇ ਦੇ ਸਾਹ ਦੇ ਵਿੱਚ ਸਾਹ ਲੈਂਦੇ ਸਨ।
ਉਸ ਵਾਰ ਉਹ ਮਾਘੀ ਦੇ ਮੇਲੇ ਮੁਕਤਸਰ ਆਇਆ ਸੀ। ਉਸ ਨੇ ਕਿੱਲੇ ਨਾਲ ਘੋੜੀ ਬੰਨੀ, ਕਾਠੀ ਲਾਹ ਕੇ ਉਚੇ ਥਾਂ ਤੇ ਰਖਦਾ ਉਪਰ ਵੱਲ ਝਾਕਿਆ। ਸੱਜੇ ਪਾਸੇ ਘਰ ਦੇ ਕੋਠੇ ਉੱਪਰ ਜਗੀਰੋ ਖੜ੍ਹੀ ਸੀ। ਸੁਲਫ਼ੇ ਦੀ ਲਾਟ ਵਰਗੀ। ਮਸ਼ਾਲ ਵਾਂਗ ਲਟ-ਲਟ ਬਲਦੀਆਂ ਜਗੀਰੋ ਦੀਆਂ ਅੱਖਾਂ ਉਸਦਾ ਕਾਲਜਾ ਕੱਢ ਕੇ ਲੈ ਗਈਆਂ । ਜੱਗਰ ਪਹਿਲੇ ਤੋੜ ਦੀ ਰੂੜੀ ਮਾਰਕਾ ਬੋਤਲ ਕੱਢ ਲਿਆਇਆ। ਉਹ ਦੋ ਪੈਗ ਲਾਕੇ ਅੰਦਰਲੇ ਘਰੋਂ ਰੋਟੀ ਲੈਣ ਚਲਿਆ ਗਿਆ। ਸੁੱਚੇ ਨੇ ਪਿੱਛੋਂ ਖਾਸਾ ਤਕੜਾ ਪੈਗ ਜੱਗਰ ਦੇ ਪਾਲੀ ਘੁੱਗੂ ਨੂੰ ਪਾ ਦਿੱਤਾ। ਪਾਣੀ ਉਸਨੇ ਘੱਟ ਈ ਪਾਇਆ। ਗਟ-ਗਟ ਕਰਕੇ ਇੱਕੇ ਸਾਹੇ ਅੰਦਰ ਖਿੱਚ ਗਿਆ।
''ਬੜੀ ਤੇਜ ਆ। ਕਾਲਜੇ ਨੂੰ ਚੀਰਦੀ ਜਾਂਦੀ ਆ, ਚਾਚਾ ਸਿੰਆ। ਪਹਿਲੇ ਤੋੜ ਦੀ ਆ। ਮੇਰੀ ਆਪ ਕੱਢੀ ਵੀ।'' ਧੁੜਤੜੀ ਲੈਂਦਾ ਘੁੱਗੂ ਬੋਲਿਆ।
''ਉਇ ਤੇਰੀ ਚਾਚੀ ਆਂਗੂੰ।'' ਉਸ ਨੇ ਵਿੰਗ-ਵਲ ਜਿਹਾ ਪਾਕੇ ਜਗੀਰੋ ਬਾਰੇ ਗੱਲ ਕੀਤੀ ਹੀ ਸੀ ਘੁੱਗੂ ਊਰੀ ਵਾਂਗੂੰ ਉੱਧੜ...